Tahawwur Rana Extradition: 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਲਿਆਂਦਾ ਗਿਆ ਹੈ। ਉਸਨੂੰ ਲੈ ਕੇ ਆਉਣ ਵਾਲਾ ਵਿਸ਼ੇਸ਼ ਜਹਾਜ਼ ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਉਤਰਿਆ। ਇਸ ਤੋਂ ਬਾਅਦ, ਉਸਨੂੰ ਹਵਾਈ ਅੱਡੇ ਤੋਂ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਹੈੱਡਕੁਆਰਟਰ ਲਿਜਾਇਆ ਜਾ ਰਿਹਾ ਹੈ, ਜਿੱਥੇ ਜਾਂਚ ਏਜੰਸੀਆਂ ਦੀ ਇੱਕ ਟੀਮ ਦੁਆਰਾ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਕੁਝ ਘੰਟਿਆਂ ਵਿੱਚ ਦਿੱਲੀ ਦੀ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਤਹਵੁਰ ਰਾਣਾ ਨੂੰ NIA ਨੇ ਹਵਾਈ ਅੱਡੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਬਾਅਦ ਤਹੱਵੁਰ ਰਾਣਾ ਨੂੰ ਤਿਹਾੜ ਜੇਲ੍ਹ ਵਿੱਚ ਰੱਖਿਆ ਜਾਵੇਗਾ, ਜਿੱਥੇ ਉਸਦੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਜਾਣਕਾਰੀ ਮਿਲ ਰਹੀ ਹੈ ਕਿ NIA ਹੈੱਡਕੁਆਰਟਰ ਦੇ ਸਾਹਮਣੇ ਸਥਿਤ ਜਵਾਹਰ ਲਾਲ ਨਹਿਰੂ (JLN) ਸਟੇਡੀਅਮ ਮੈਟਰੋ ਸਟੇਸ਼ਨ ਦਾ ਗੇਟ ਨੰਬਰ 2 ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਨੇ ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਮਾਮਲੇ ਦੀ ਸੁਣਵਾਈ ਲਈ ਵਕੀਲ ਨਰੇਂਦਰ ਮਾਨ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ।ਇਹ ਨਿਯੁਕਤੀ ਪਾਕਿਸਤਾਨੀ ਮੂਲ ਦੇ ਤਹੱਵੁਰ ਹੁਸੈਨ ਰਾਣਾ ਤੇ ਡੇਵਿਡ ਕੋਲਮੈਨ ਹੈਡਲੀ ਵਿਰੁੱਧ NIA ਕੇਸ ਨੰਬਰ RC-04/2009/NIA/DLI ਨਾਲ ਸਬੰਧਤ ਹੈ। ਦੋਵਾਂ 'ਤੇ 26/11 ਦੇ ਹਮਲਿਆਂ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਹਨ। ਹੁਣ ਨਰੇਂਦਰ ਮਾਨ ਇਸ ਮਾਮਲੇ ਦੀ ਸੁਣਵਾਈ ਐਨਆਈਏ ਸਪੈਸ਼ਲ ਕੋਰਟ ਦਿੱਲੀ ਤੇ ਸਬੰਧਤ ਅਪੀਲੀ ਅਦਾਲਤਾਂ ਵਿੱਚ ਕਰਨਗੇ। ਨਰੇਂਦਰ ਮਾਨ ਨੂੰ ਇਹ ਜ਼ਿੰਮੇਵਾਰੀ ਤਿੰਨ ਸਾਲਾਂ ਲਈ ਦਿੱਤੀ ਗਈ ਹੈ ਜੋ ਕਿ ਇਸ ਨਿਯੁਕਤੀ ਦੀ ਨੋਟੀਫਿਕੇਸ਼ਨ ਪ੍ਰਕਾਸ਼ਨ ਦੀ ਮਿਤੀ ਤੋਂ ਪ੍ਰਭਾਵੀ ਮੰਨੀ ਜਾਵੇਗੀ। ਜੇਕਰ ਇਸ ਤੋਂ ਪਹਿਲਾਂ ਮੁਕੱਦਮਾ ਪੂਰਾ ਹੋ ਜਾਂਦਾ ਹੈ ਤਾਂ ਉਨ੍ਹਾਂ ਦੀ ਜ਼ਿੰਮੇਵਾਰੀ ਉੱਥੇ ਹੀ ਖਤਮ ਹੋ ਜਾਵੇਗੀ।
ਐਡਵੋਕੇਟ ਨਰੇਂਦਰ ਮਾਨ ਇੱਕ ਸੁਲਝੇ ਹੋਏ ਵਕੀਲ ਹਨ। ਉਸ ਨੂੰ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਕੇਸ ਲਈ ਉਸ ਦੇ ਵਿਆਪਕ ਕਾਨੂੰਨੀ ਤਜਰਬੇ ਤੇ ਅਪਰਾਧਿਕ ਮਾਮਲਿਆਂ ਵਿੱਚ ਮੁਹਾਰਤ ਦੇ ਆਧਾਰ 'ਤੇ ਚੁਣਿਆ ਗਿਆ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਉਸ ਦੀ ਨਿਯੁਕਤੀ ਨਾਲ ਇਸਤਗਾਸਾ ਪੱਖ ਇਸ ਮਾਮਲੇ ਵਿੱਚ ਆਪਣੇ ਆਪ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰੇਗਾ। ਅਮਰੀਕੀ ਸੁਪਰੀਮ ਕੋਰਟ ਵੱਲੋਂ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਪਾਕਿਸਤਾਨੀ-ਕੈਨੇਡੀਅਨ ਨਾਗਰਿਕ ਤਹੱਵੁਰ ਹੁਸੈਨ ਰਾਣਾ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਰਾਣਾ ਨੂੰ ਭਾਰਤ ਲਿਆਉਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰੇਗੀ।