Jalandhar News: ਲੱਦੇਵਾਲੀ ਫਲਾਈਓਵਰ ਨੇੜੇ ਸਥਿਤ ਐਸ.ਬੀ.ਆਈ. ਦੇ ਏਟੀਐਮ ਨੂੰ ਚੋਰ ਰਾਤ ਦੇ ਅੰਨ੍ਹੇਰੇ 'ਚ ਉਖਾੜ ਕੇ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਐਟੀਐਮ ਵਿੱਚ ਲੱਖਾਂ ਰੁਪਏ ਮੌਜੂਦ ਸਨ। ਘਟਨਾ ਦੀ ਸੂਚਨਾ ਸਵੇਰੇ ਲੋਕਾਂ ਵਲੋਂ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਲੋਕਾਂ ਮੁਤਾਬਿਕ ਜਦੋਂ ਉਹ ਸਵੇਰੇ ਆਪਣੀਆਂ ਦੁਕਾਨਾਂ ਤੇ ਪਹੁੰਚੇ ਤਾਂ ਵੇਖਿਆ ਕਿ ਬੈਂਕ ਦਾ ਏਟੀਐਮ ਗਾਇਬ ਹੈ। ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਏਟੀਐਮ ਨੂੰ ਕੱਟਿਆ ਤੇ ਸਾਰੀ ਨਕਦੀ ਲੈ ਕੇ ਫਰਾਰ ਹੋ ਗਏ।
ਚੋਰਾਂ ਨੇ ਐਟੀਐਮ ਵਿੱਚ ਲਗੇ ਸੀਸੀਟੀਵੀ ਕੈਮਰਿਆਂ 'ਤੇ ਕਾਲਾ ਸਪਰੇ ਛਿੜਕ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਮੁਤਾਬਕ, ਵਾਰਦਾਤ ਵੇਲੇ ਥਾਂ 'ਤੇ ਕੋਈ ਸੁਰੱਖਿਆ ਕਰਮੀ ਮੌਜੂਦ ਨਹੀਂ ਸੀ। ਹਾਲਾਂਕਿ ਪੁਲਿਸ ਵੱਲੋਂ ਪਹਿਲਾਂ ਹੀ ਬੈਂਕਾਂ ਨੂੰ ਏਟੀਐਮ 'ਤੇ ਸੁਰੱਖਿਆ ਗਾਰਡ ਰੱਖਣ ਦੀ ਹਿਦਾਇਤ ਦਿੱਤੀ ਗਈ ਸੀ।
ਚੋਰ ਜਾਂਦੇ ਸਮੇਂ ਸੱਬਲ ਨੂੰ ਉੱਥੇ ਹੀ ਛੱਡਕੇ ਫਰਾਰ ਹੋ ਗਏ। ਪੁਲਿਸ ਨੇ ਸੱਬਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਵੇਰੇ 9.30 ਵਜੇ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਸੀ, ਜਿਸ 'ਚ ਚੋਰ ਸਾਰੀਆਂ ਕੈਸ਼ ਟਰੇ ਲੈ ਕੇ ਫਰਾਰ ਹੋ ਗਏ। ਕਿੰਨੀ ਰਕਮ ਦੀ ਚੋਰੀ ਹੋਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ, ਚੌਕੀਦਾਰ ਦੇ ਬਿਆਨਾਂ ਦੀ ਰੋਸ਼ਨੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬੈਂਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ।